ਨਿਸ਼ਾਨ ਸਾਹਿਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਸ਼ਾਨ ਸਾਹਿਬ [ਨਾਂਪੁ] ਗੁਰਦੁਆਰਿਆਂ ਵਿੱਚ ਝੁਲਾਇਆ ਜਾਣ ਵਾਲ਼ਾ ਝੰਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਸ਼ਾਨ ਸਾਹਿਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਸ਼ਾਨ ਸਾਹਿਬ. ਦੇਖੋ, ਝੰਡਾ ੧. ਸਤਿਗੁਰੂ ਦਾ ਨਿਸ਼ਾਨ. ਗੁਰਦ੍ਵਾਰੇ ਦਾ ਝੰਡਾ. “ਵਾਹਨ ਸਿੰਗਾਰੇ ਰਹੇਂ ਬਾਜਤੇ ਨਗਾਰੇ ਰਹੇਂ ਦੁੱਜਨ ਡਰਾਰੇ ਰਹੇਂ ਭਾਗੇ ਭੀਮ ਰਾਹਕੇ, ਸੰਗਤੇ ਆਬਾਦ ਰਹੇਂ ਆਵਤੇ ਪ੍ਰਸ਼ਾਦ ਰਹੇਂ ਲਾਖੋਂ ਅਹਲਾਦ ਰਹੇਂ ਦੇਖਿਯੇ ਉਮਾਹਕੇ, ਗਾਦੀਆਂ ਅਟੱਲ ਰਹੇਂ ਚੌਕੀਆਂ ਅਚਲ ਰਹੇਂ ਬੁੰਗੇ ਝਲਾਝੱਲ ਰਹੇਂ, ਪੂਰੇ ਉਤਸਾਹ ਕੇ, ਲਾਗਤੇ ਦਿਵਾਨ ਰਹੇਂ ਗਾਵਤੇ ਸੁਜਾਨ ਰਹੇਂ, ਝੂਲਤੇ ਨਿਸ਼ਾਨ ਰਹੇਂ ਸਾਚੇ ਪਾਤਸ਼ਾਹ ਕੇ.” (ਨਿਹਾਲ ਸਿੰਘ ਜੀ) ਦੇਖੋ, ਝੰਡਾ ਸਾਹਿਬ, ਅਤੇ ਝੰਡਾ ਬੁੰਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਸ਼ਾਨ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਸ਼ਾਨ ਸਾਹਿਬ: ਇਥੇ ‘ਨਿਸ਼ਾਨ’ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਇਸ ਦਾ ਅਰਥ ਹੈ ਝੰਡਾ , ਧ੍ਵਜ। ‘ਸਾਹਿਬ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ‘ਨਿਸ਼ਾਨ’ ਲਈ ਆਦਰ ਬੋਧਕ ਹੈ। ਇਸ ਤਰ੍ਹਾਂ ‘ਨਿਸ਼ਾਨ ਸਾਹਿਬ’ ਜਾਂ ‘ਝੰਡਾ ਸਾਹਿਬ’ ਉਹ ਧ੍ਵਜ ਹੈ ਜੋ ਗੁਰੂ-ਧਾਮਾਂ, ਗੁਰਦੁਆਰਿਆਂ, ਥੜਿਆਂ, ਧਰਮਸ਼ਾਲਾਵਾਂ ਜਾਂ ਸੰਗਤਾਂ ਆਦਿ’ਤੇ ਖੜਾ ਕੀਤਾ ਜਾਂਦਾ ਹੈ। ਇਨ੍ਹਾਂ ਥਾਂਵਾਂ ਤੋਂ ਬਾਹਰ ਜਲੂਸਾਂ, ਨਗਰ ਕੀਰਤਨਾਂ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਂ ਸੈਨਿਕ ਦਲਾਂ ਅਗੇ ਵੀ ਨਿਸ਼ਾਨ ਸਾਹਿਬ ਲੈ ਕੇ ਚਲਣ ਦੀ ਪਰੰਪਰਾ ਹੈ।

ਸਿੱਖ ਜਗਤ ਵਿਚ ਨਿਸ਼ਾਨ ਸਾਹਿਬ ਦਾ ਰਿਵਾਜ ਜਾਂ ਪਰੰਪਰਾ ਗੁਰੂ ਹਰਿਗੋਬਿੰਦ ਸਾਹਿਬ ਨੇ ਤੋਰੀ। ਉਨ੍ਹਾਂ ਨੇ ਅਕਾਲਬੁੰਗਾ (ਅਕਾਲ ਤਖ਼ਤ) ਸਥਾਪਿਤ ਕਰਨ ਵੇਲੇ ‘ਨਿਸ਼ਾਨ’ ਵੀ ਖੜਾ ਕੀਤਾ ਸੀ। ਸਿੱਖ ਇਤਿਹਾਸ ਅਨੁਸਾਰ ਉਸ ਦਾ ਉਦੋਂ ਨਾਂ ‘ਅਕਾਲ ਧੁਜਾ’ ਜਾਂ ‘ਸਤਿਗੁਰੂ ਕਾ ਨਿਸ਼ਾਨ’ ਸੀ। ਹਰਿਮੰਦਿਰ ਸਾਹਿਬ ਉਪਰ ਸਭ ਤੋਂ ਪਹਿਲਾਂ ਸੰਨ 1771 ਈ. ਵਿਚ ਭੰਗੀ ਮਿਸਲ ਦੇ ਸ. ਝੰਡਾ ਸਿੰਘ ਨੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ। ਫਿਰ ਸੰਨ 1783 ਈ. ਵਿਚ ਉਦਾਸੀ ਮਹੰਤ ਸੰਤੋਖ ਦਾਸ ਅਤੇ ਮਹੰਤ ਪ੍ਰੀਤਮ ਦਾਸ ਨੇ ਉਦਮ ਕਰਕੇ ਦੇਹਰਾਦੂਨ ਤੋਂ ਸਾਲ ਬ੍ਰਿਛ ਦਾ ਇਕ ਲਿੰਬਾ ਖੰਭਾ ਲਿਆਉਂਦਾ ਅਤੇ ਅਕਾਲ ਤਖ਼ਤ ਦੇ ਨੇੜਲੇ ਬੁੰਗੇ ਦੇ ਸਾਹਮਣੇ ਗਡ ਦਿੱਤਾ ਅਤੇ ਉਸ ਉਤੇ ਝੰਡਾ ਚੜ੍ਹਾਇਆ। ਕਾਲਾਂਤਰ ਵਿਚ ਉਸ ਬੁੰਗੇ ਦਾ ਨਾਂ ਹੀ ‘ਝੰਡਾ ਬੁੰਗਾ ’ ਪ੍ਰਚਲਿਤ ਹੋ ਗਿਆ। ਉਸ ਦੇ ਪੁਰਾਣਾ ਹੋ ਜਾਣ ਕਾਰਣ, ਮਹਾਰਾਜਾ ਰਣਜੀਤ ਸਿੰਘ ਦੁਆਰਾ ਦਰਬਾਰ ਸਾਹਿਬ ਦੇ ਪ੍ਰਬੰਧਕ ਵਜੋਂ ਨਿਯੁਕਤ ਸ. ਦੇਸਾ ਸਿੰਘ ਮਜੀਠੀਆ ਨੇ ਸੰਨ 1820 ਈ. ਵਿਚ ਲੋਹੇ ਦਾ ਖੰਭਾ (ਨਿਸ਼ਾਨ) ਬਣਵਾ ਕੇ ਖੜਾ ਕੀਤਾ ਜਿਸ ਉਪਰ ਸੋਨੇ ਨਾਲ ਮੜਿਆ ਤਾਂਬੇ ਦਾ ਪਤਰਾ ਚੜ੍ਹਿਆ ਹੋਇਆ ਸੀ। ਉਸ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਿਸ਼ਾਨ ਲਈ ਇਕ ਖੰਭਾ ਭੇਜਿਆ ਜੋ ਸੰਨ 1841 ਈ. ਤਕ ਪਿਆ ਰਿਹਾ, ਪਰ ਹਨੇਰੀ ਕਾਰਣ ਨੁਕਸਾਨੇ ਗਏ ਪਹਿਲੇ ਨਿਸ਼ਾਨ ਸਾਹਿਬ ਦੀ ਥਾਂ ਲਗਾਇਆ ਗਿਆ। ਬਾਦ ਵਿਚ ਸ. ਦੇਸਾ ਸਿੰਘ ਦੇ ਲੜਕੇ ਸ. ਲਹਿਣਾ ਸਿੰਘ ਮਜੀਠੀਆ ਨੇ ਨੁਕਸਾਨੇ ਹੋਏ ਖੰਭੇ ਦੀ ਮੁਰੰਮਤ ਕਰਾ ਕੇ ਦੂਜਾ ਨਿਸ਼ਾਨ ਸਾਹਿਬ ਵੀ ਸਥਾਪਿਤ ਕਰ ਦਿੱਤਾ। ਉਦੋਂ ਤੋਂ ਦੋ ਨਿਸ਼ਾਨ ਸਾਹਿਬ ਝੁਲਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸੰਨ 1923 ਈ. ਵਿਚ ਦਰਬਾਰ ਸਾਹਿਬ ਦੀ ਪਰਿਕ੍ਰਮਾ ਨੂੰ ਖੁਲ੍ਹਾ ਕਰਨ ਵੇਲੇ ਇਨ੍ਹ੍ਹਾਂ ਨਿਸ਼ਾਨ ਸਾਹਿਬਾਂ ਨੂੰ ਉਖਾੜ ਕੇ ਕੁਝ ਕੁ ਮੀਟਰ ਪਰੇ ਸਥਾਪਿਤ ਕੀਤਾ ਗਿਆ। ਸੰਨ 1962 ਈ. ਵਿਚ ਇਨ੍ਹਾਂ ਨਿਸ਼ਾਨ ਸਾਹਿਬਾਂ ਉਪਰ ਬਿਜਲੀ ਦੇ ਬਲਬ ਲਗਾਉਣ ਲਈ ਇਨ੍ਹਾਂ ਨੂੰ ਫਿਰ ਬਦਲਣਾ ਪਿਆ।

ਨਿਸ਼ਾਨ ਸਾਹਿਬ ਦਾ ਮੁੱਖ ਰੰਗ ਕੇਸਰੀ ਹੈ, ਪਰ ਨਿਹੰਗ ਸਿੰਘ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆਪਣੇ ਡੇਰਿਆਂ ਉਤੇ ਝੁਲਾਉਂਦੇ ਹਨ। ਨਿਸ਼ਾਨ ਸਾਹਿਬ ਦੇ ਖੰਭੇ ਦੇ ਸਿਰੇ ਉਪਰ ਖੰਡਾ ਲਗਿਆ ਹੁੰਦਾ ਹੈ ਅਤੇ ਫਰਹਰਾ ਉਪਰ ਖੰਡੇ-ਕ੍ਰਿਪਾਨ ਦਾ ਮਿਲਵਾ ਚਿਤਰ ਅਥਵਾ ‘ੴ’ ਲਿਖਿਆ ਜਾਂ ਕਢਿਆ ਹੁੰਦਾ ਹੈ। ਖੰਭੇ ਦੇ ਦੁਆਲੇ ਵੀ ਫਰਹਰਾ ਵਾਲੇ ਰੰਗ ਦਾ ਕਪੜਾ ਲਪੇਟਿਆ ਹੁੰਦਾ ਹੈ।

ਨਿਸ਼ਾਨ ਸਾਹਿਬ ਦੀ ਉਚਾਈ ਕਿਤਨੀ ਹੋਵੇ ? ਇਸ ਬਾਰੇ ਕੋਈ ਖ਼ਾਸ ਨਿਯਮ ਨਹੀਂ ਹੈ। ਅਕਾਲ ਤਖ਼ਤ ਸਾਹਿਬ ਪਾਸ ਝੂਲਦੇ ਦੋਵੇਂ ਨਿਸ਼ਾਨ ਸਾਹਿਬ ਲਗਭਗ 125 ਫੁਟ ਉੱਚੇ ਦਸੇ ਜਾਂਦੇ ਹਨ। ਆਮ ਤੌਰ ’ਤੇ ਗੁਰਦੁਆਰਿਆਂ ਵਿਚ ਲਗੇ ਨਿਸ਼ਾਨ ਸਾਹਿਬ ਇਤਨੇ ਉੱਚੇ ਜ਼ਰੂਰ ਹੋਣੇ ਚਾਹੀਦੇ ਹਨ, ਤਾਂ ਕਿ ਦੂਰੋਂ ਨਜ਼ਰ ਆ ਸਕਣ ਅਤੇ ਗੁਰੂ- ਧਾਮ ਤਕ ਪਹੁੰਚਣ ਲਈ ਲੋਕਾਂ ਨੂੰ ਸੇਧ ਮਿਲ ਸਕੇ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਯੁੱਧ ਨੂੰ ਪ੍ਰਸਥਾਨ ਕਰ ਰਹੀਆਂ ਜਾਂ ਕਿਸੇ ਮੁਹਿੰਮ ਉਤੇ ਚੜ੍ਹੀਆਂ ਫ਼ੌਜਾਂ ਅਗੇ ਨਿਸ਼ਾਨ ਸਾਹਿਬ ਝੂਲਦੇ ਸਨ। ਮਿਸਲ ਕਾਲ ਵਿਚ ਇਕ ਮਿਸਲ ਵਾਲੇ ਉਚੇਚੇ ਤੌਰ’ਤੇ ਨਿਸ਼ਾਨ ਸਾਹਿਬ ਧਾਰਣ ਕਰਕੇ ਮਿਸਲਾਂ ਦੀਆਂ ਸੈਨਿਕ ਟੁਕੜੀਆਂ ਦੇ ਅਗੇ ਚਲਦੇ ਸਨ। ਇਸ ਕਰਕੇ ਉਸ ਮਿਸਲ ਦਾ ਨਾਂ ਵੀ ‘ਨਿਸ਼ਾਨਾਂਵਾਲੀ ਮਿਸਲ’ ਪੈ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਸ਼ਾਨ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਿਸ਼ਾਨ ਸਾਹਿਬ : ਸਿੱਖਾਂ ਦੇ ਧਾਰਮਿਕ ਝੰਡੇ ਨੂੰ ਕਿਹਾ ਜਾਂਦਾ ਹੈ ਜਿਹੜਾ ਕੇਸਰੀ ਰੰਗ ਦਾ ਹੁੰਦਾ ਹੈ ਅਤੇ ਇਸ ਉੱਤੇ ਕਾਲੇ ਰੰਗ ਦਾ ਖੰਡੇ ਦਾ ਨਿਸ਼ਾਨ ਹੁੰਦਾ ਹੈ । ਪੁਰਾਤਨ ਸਮੇਂ ਵਿਚ ਇਸ ਨੂੰ ‘ਸ੍ਰੀ ਅਸਿਕੇਤ' ਜਾਂ ‘ਸ੍ਰੀ ਅਸਿਧੁਜ' ਦਾ ਨਿਸ਼ਾਨ ਵੀ ਕਿਹਾ ਜਾਂਦਾ ਸੀ ।

  1. ਸ੍ਰੀ ਅਸਿਕੇਤੁ ਜਗਤ ਕੇ ਈਸਾ ॥
  2. ਸ੍ਰੀ ਅਸਿਧੁਜ ਜਬ ਭਏ ਦਇਆਲਾ ॥

ਪੂਰਨ ਕਰਾ ਗ੍ਰੰਥ ਤਤਕਾਲਾ ॥

ਇਸ ਨੂੰ ਕਿਸੇ ਲੰਬੇ ਬਾਂਸ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਅਹਾਤੇ ਜਾਂ ਉਪਰਲੀ ਛੱਤ ਉੱਤੇ ਝੁਲਾਇਆ ਜਾਂਦਾ ਹੈ ਇਸ ਬਾਂਸ ਨੂੰ ਵੀ ਕੇਸਰੀ ਰੰਗ ਦੇ ਕੱਪੜੇ ਨਾਲ ਢੱਕਿਆ ਹੁੰਦਾ ਹੈ। ਵਿਸ਼ੇਸ਼ ਪੁਰਬਾਂ ਜਾਂ ਸੁੱਖਣਾ ਅਨੁਸਾਰ ਸਮੇਂ ਸਮੇਂ ਤੇ ਜਦੋਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ ਤਾਂ ਸ਼ਰਧਾਲੂ ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜਾ ਕੇ ' ਪੜ੍ਹਦੇ ਹਨ। ਨਗਰ ਕੀਰਤਨ ਦੌਰਾਨ ਪੰਜ ਪਿਆਰੇ ਨਿਸ਼ਾਨ ਸਾਹਿਬ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਗੇ ਚਲਦੇ ਹਨ। ਨਿਸ਼ਾਨ ਸਾਹਿਬ ਦੇ  ਥੜ੍ਹੇ ਦੀ ਮਿੱਟੀ ਵਿਚ ਦੈਵੀ ਬਖਸ਼ਿਸ਼ ਮੰਨੀ ਜਾਂਦੀ ਹੈ। ਇਸ ਲਈ ਸ਼ਰਧਾਲੂ ਨਿਸ਼ਾਨ ਸਾਹਿਬ ਦੀ ਪਰਿਕਰਮਾ ਉਪਰੰਤ ਸਿਰ ਨਿਵਾ ਕੇ  ਉਸ ਨੂੰ ਮੱਥੇ ਨਾਲ ਲਗਾਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-03-16-44, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ. : ਸ੍ਰੀ. ਦਸਮ ਗ੍ਰੰਥ ਸਟੀਕ-ਗਿਆਨੀ ਨਰਿੰਜਨ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.